ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਿੰਡ ਬਾਸਰਕੇ ਵਿਖੇ 1479 ਈਸਵੀਂ ਨੂੰ ਤੇਜ ਭਾਨ ਭੱਲਾ ਖੱਤਰੀ ਜੀ ਦੇ ਗ੍ਰਹਿ ਵਿਖੇ ਮਾਤਾ ਸੁਲੱਖਣੀ ਜੀ (ਲਖਮੀ ਜੀ) ਦੀ ਕੁੱਖੋਂ ਹੋਇਆ। ਆਪ ਜੀ ਦੇ ਮਾਤਾ ਪਿਤਾ ਬਹੁਤ ਹੀ ਧਾਰਮਿਕ ਤੇ ਉੱਚੇ ਸੁੱਚੇ ਜੀਵਨ ਵਾਲੇ ਸਨ, ਜਿਨ੍ਹਾਂ ਤੋਂ ਪ੍ਰੇਰਨਾ ਲੈ ਕੇ ਗੁਰੂ ਜੀ ਵੀ ਸ਼ੁਰੂ ਤੋਂ ਹੀ ਧਾਰਮਿਕ ਰੁਚੀਆਂ ਦੇ ਮਾਲਿਕ ਸਨ। ਆਪ ਜੀ ਸਿੱਖਾਂ ਦੇ ਤੀਜੇ ਗੁਰੂ ਸਨ।ਆਪ ਜੀ ਨੇ ਸਭ ਤੋਂ ਮਹਾਨ ਕੰਮ ਸੰਗਤ-ਪੰਗਤ ਦਾ ਕੀਤਾ। ਗੋਇੰਦਵਾਲ ਸਾਹਿਬ ਵਿਖੇ ਇਹ ਗੱਲ ਪ੍ਰਸਿੱਧ ਸੀ ਕਿ ਜੇ ਕਿਸੇ ਨੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਜਾਣਾ ਹੈ ਤਾਂ ਪਹਿਲਾਂ ਪੰਗਤ ਵਿਚ ਸਾਰਿਆਂ ਦੇ ਨਾਲ ਬੈਠ ਕੇ ਲੰਗਰ ਛਕਣਾ ਪਵੇਗਾ।”ਪਹਿਲੋਂ ਪੰਗਤ ਪਾਛੈ ਸੰਗਤ” ਦੀ ਪ੍ਰਥਾ ਤੀਜੇ ਸਤਿਗੁਰੂ ਜੀ ਨੇ ਹੀ ਸ਼ੁਰੂ ਕੀਤੀ ਸੀ।

ਆਪ ਜੀ ਪੱਕੇ ਵੈਸ਼ਨਵ ਸਨ ਤੇ ਆਪਣੇ ਪਿਤਾ ਜੀ ਵਾਂਗ ਹਰ ਸਾਲ ਗੰਗਾ ਜੀ ਦੇ ਦਰਸ਼ਨਾਂ ਲਈ ਵੀ ਜਾਇਆ ਕਰਦੇ ਸਨ। 24 ਆਪ ਜੀ ਦਾ ਵਿਆਹ ਸਣਖਤਰੇ ਪਿੰਡ ਦੇ ਸ੍ਰੀ ਦੇਵ ਚੰਦ ਬਹਿਲ ਖੱਤਰੀ ਜੀ ਦੀ ਬੇਟੀ ਰਾਮ ਕੌਰ (ਮਣਸਾ ਦੇਵੀ ਜੀ) ਨਾਲ ਹੋ ਗਿਆ ਸੀ। ਆਪ ਜੀ ਦੇ ਦੋ ਪੁੱਤਰ ਬਾਬਾ ਮੋਹਣ ਜੀ ਤੇ ਬਾਬਾ ਮੋਹਰੀ ਜੀ ਅਤੇ ਦੋ ਬੇਟੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਸਨ। ਆਪ ਜੀ 20 ਸਾਲ ਲਗਾਤਾਰ ਗੰਗਾ ਜੀ ਦੇ ਦਰਸ਼ਨਾਂ ਲਈ ਜਾਂਦੇ ਰਹੇ। ਜਦੋਂ 20ਵਾਰੀ ਯਾਤਰਾ ਤੋਂ ਵਾਪਸ ਪਰਤ ਰਹੇ ਸਨ ਤਾਂ ਇਕ ਸਾਧੂ ਨੇ ਆਪ ਜੀ ਨੂੰ ਪੁੱਛਿਆ ਕਿ ਆਪ ਜੀ ਦਾ ਗੁਰੂ ਕੌਣ ਹੈ ਤਾਂ ਗੁਰੂ ਜੀ ਨੇ ਆਪਣਾ ਕੋਈ ਵੀ ਗੁਰੂ ਹੋਣ ਤੋਂ ਇਨਕਾਰ ਕਰ ਦਿੱਤਾ। ਉਸ ਸਾਧੂ ਨੇ ਕਿਹਾ ਕਿ ਜਦ ਤਕ ਮਨੁੱਖ ਕਿਸੇ ਗੁਰੂ ਦੀ ਸ਼ਰਨ ਵਿਚ ਨਹੀਂ ਜਾਂਦਾ ਤਦ ਤੱਕ ਉਸ ਨੂੰ ਆਤਮਿਕ ਸੁਖ ਮਿਲ ਹੀ ਨਹੀਂ ਸਕਦਾ।

ਆਪ ਜੀ ਇਹ ਸੁਣ ਕੇ ਬਹੁਤ ਬੇਚੈਨ ਹੋ ਗਏ ਤੇ ਸਾਰੀ ਰਾਤ ਨੀਂਦ ਨਾ ਪਈ। ਆਪ ਜੀ ਨੂੰ ਆਪਣੇ ਨਿਗੁਰੇ ਹੋਣ ਦੀ ਚਿੰਤਾ ਵੱਢ-ਵੱਢ ਖਾ ਰਹੀ ਸੀ। ਅੰਮ੍ਰਿਤ ਵੇਲੇ ਆਪ ਜੀ ਦੇ ਕੰਨੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਪਏ ਤੇ ਮਿੱਠੀ ਆਵਾਜ਼ ਵਿੱਚ ਇਹ ਸ਼ਬਦ ਕੋਈ ਹੋਰ ਨਹੀਂ ਬਲਕਿ ਬੀਬੀ ਅਮਰੋ ਜੀ ਹੀ ਗਾ ਰਹੇ ਸਨ। ਨਾਲ ਦੀ ਨਾਲ ਦੁੱਧ ਵੀ ਰਿੜਕੀ ਜਾ ਰਹੇ ਸਨ। ਬੀਬੀ ਅਮਰੋ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬੇਟੀ ਸਨ ਜੋ ਕਿ ਆਪ ਜੀ ਦੇ ਭਰਾ ਦੇ ਲੜਕੇ ਨੂੰ ਵਿਆਹੇ ਹੋਏ ਸਨ।ਆਪ ਜੀ ਬੀਬੀ ਅਮਰੋ ਦੇ ਸਹੁਰੇ ਦੇ ਥਾਂ ਲੱਗਦੇ ਸਨ ਪਰ ਗੁਰਬਾਣੀ ਦੀ ਆਵਾਜ਼ ਸੁਣ ਕੇ ਆਪ ਰਹਿ ਨਾ ਸਕੇ ਤੇ ਦੁਨਿਆਵੀ ਰੀਤੀਆ- ਮਰਿਆਦਾ ਨੂੰ ਪਾਸੇ ਛੱਡਦੇ ਹੋਏ ਆਪ ਜੀ ਬੀਬੀ ਅਮਰੋ ਜੀ ਕੋਲ ਜਾ ਖਲੋਤੇ।

ਆਪ ਜੀ ਨੇ ਕਿਹਾ ਪੁੱਤਰੀ ਤੁਸੀਂ ਕਿਸ ਦਾ ਕਲਾਮ ਗਾ ਰਹੇ ਹੋ? ਬੀਬੀ ਅਮਰੋ ਜੀ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਗਾ ਰਹੇ ਹਨ ਤੇ ਉਨ੍ਹਾਂ ਦੀ ਥਾਂ ਤੇ ਅੱਜਕੱਲ੍ਹ ਗੁਰੂ ਅੰਗਦ ਦੇਵ ਜੀ ਬਿਰਾਜਮਾਨ ਹਨ, ਜੋ ਕਿ ਮੇਰੇ ਪਿਤਾ ਜੀ ਹਨ। ਆਪ ਜੀ ਨੇ ਕਿਹਾ, ‘ਕਿ ਪੁੱਤਰੀ ਕੀ ਤੁਸੀਂ ਮੈਨੂੰ ਉਨ੍ਹਾਂ ਮਹਾਂਪੁਰਖਾਂ ਦੇ ਦਰਸ਼ਨ ਕਰਵਾ ਸਕਦੇ ਹੋ?’ ਬੀਬੀ ਅਮਰੋ ਜੀ ਨੇ ਹਾਮੀ ਭਰ ਦਿੱਤੀ।ਇਸ ਸਮੇਂ ਆਪ ਜੀ ਦੀ ਦੁਨਿਆਵੀ ਉਮਰ ਲਗਭਗ 61 ਕੁ ਸਾਲ ਦੀ ਸੀ ਤੇ ਆਪ ਜੀ ਕੁਝ ਦਿਨ ਬਾਅਦ ਹੀ ਬੀਬੀ ਅਮਰੋ ਜੀ ਦੇ ਨਾਲ ਖਡੂਰ ਸਾਹਿਬ ਨੂੰ ਚਲੇ ਗਏ ਤਾਂ ਜੋ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰ ਸਕਣ।

ਆਪ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਤੇ ਸਦਾ ਹੀ ਗੁਰੂ ਜੀ ਦੇ ਹੋ ਕੇ ਰਹਿ ਗਏ। ਹਾਲਾਂਕਿ ਆਪ ਜੀ ਗੁਰੂ ਜੀ ਦੇ ਕੁੜਮ ਲੱਗਦੇ ਸਨ ਤੇ ਗੁਰੂ ਅੰਗਦ ਦੇਵ ਜੀ ਨੇ ਵੀ ਦੁਨਿਆਵੀ ਰਿਸ਼ਤੇ ਨੂੰ ਮੁੱਖ ਰੱਖਦਿਆਂ ਆਪ ਦੇ ਸਤਿਕਾਰ ਵਿੱਚ ਖੜ੍ਹੇ ਹੋ ਕੇ ਸਵਾਗਤ ਕਰਨਾ ਚਾਹਿਆ ਪਰ ਆਪ ਜੀ ਪਹਿਲਾਂ ਹੀ ਗੁਰੂ ਸਾਹਿਬ ਦੇ ਚਰਨਾਂ ਤੇ ਢਹਿ ਪਏ।ਆਪ ਜੀ ਖਡੂਰ ਸਾਹਿਬ ਵਿਖੇ ਹੀ ਰਹਿ ਕੇ ਗੁਰੂ ਘਰ ਦੀ ਸੇਵਾ ਕਰਨ ਲੱਗ ਪਏ। ਲੰਗਰ ਵਿਚ ਬਰਤਨ ਸਾਫ ਕਰਨੇ, ਸੰਗਤਾਂ ਲਈ ਜਲ ਦਾ ਪ੍ਰਬੰਧ ਕਰਨਾ ਅਤੇ ਬਿਆਸ ਦਰਿਆ ਤੋਂ ਗੁਰੂ ਜੀ ਦੇ ਇਸ਼ਨਾਨ ਲਈ ਤਾਜ਼ੇ ਪਾਣੀ ਦੀ ਰੋਜ਼ਾਨਾ ਗਾਗਰ ਭਰ ਕੇ ਲਿਆਉਣਾ, ਆਪ ਜੀ ਦੀ ਰੁਟੀਨ ਵਿੱਚ ਸ਼ਾਮਿਲ ਹੋ ਗਿਆ।ਆਪ ਜੀ ਦੀ ਅਪਾਰ ਸੇਵਾ ਤੇ ਆਪ ਜੀ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਣ ਕਾਰਨ ਆਪ ਜੀ ਨੂੰ ਗੁਰੂ ਜੀ ਨੇ ਗੁਰਗੱਦੀ ਦੇ ਲਈ ਸਭ ਤੋਂ ਯੋਗ ਜਾਣਦਿਆਂ 29 ਮਾਰਚ 1552 ਈਸਵੀ ਨੂੰ ਆਪ ਜੀ ਨੂੰ ਤੀਸਰਾ ਗੁਰੂ ਥਾਪ ਦਿੱਤਾ।

ਆਪ ਜੀ ਨੇ ਗੁਰੂ ਬਣਨ ਤੋਂ ਬਾਅਦ ਕਈ ਕ੍ਰਾਂਤੀਕਾਰੀ ਕੰਮ ਕੀਤੇ। ਗੋਇੰਦਵਾਲ ਦਾ ਨਾਂ ਤਾਂ ਨਗਰ ਵਸਾਇਆ ਤੇ ਜਨਤਾ ਦੀ ਪਾਣੀ ਦੀ ਕਮੀ ਦੂਰ ਕਰਨ ਲਈ ਉੱਥੇ ਇਕ ਬਾਉਲੀ ਬਣਾਈ।ਧਾਰਮਿਕ ਤੇ ਆਤਮਿਕ ਸਿੱਖਿਆ ਦੇ ਨਾਲ ਨਾਲ ਆਪ ਜੀ ਨੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਵੀ ਬਹੁਤ ਅਣਥੱਕ ਯਤਨ ਕੀਤੇ। ਆਪ ਜੀ ਨੇ ਸਤੀ ਪ੍ਰਥਾ ਦਾ ਡਟ ਕੇ ਵਿਰੋਧ ਕੀਤਾ।ਛੂਤ ਛਾਤ ਅਤੇ ਜਾਤ ਪਾਤ ਦੇ ਵਿਰੁੱਧ ਆਪ ਜੀ ਨੇ ਆਵਾਜ਼ ਬੁਲੰਦ ਕੀਤੀ ਤੇ ਸਾਰਿਆਂ ਨੂੰ ਹੀ ਇੱਕ ਪਿਤਾ ਪ੍ਰਮਾਤਮਾ ਦੀ ਔਲਾਦ ਦੱਸਿਆ। ਬਾਦਸ਼ਾਹ ਅਕਬਰ ਤੇ ਹਰੀਪੁਰ ਦੇ ਰਾਜੇ ਨੂੰ ਵੀ ਗੁਰੂ ਜੀ ਦੇ ਦਰਸ਼ਨਾਂ ਤੋਂ ਪਹਿਲਾਂ ਪੰਗਤ ਵਿਚ ਸਾਰਿਆਂ ਦੇ ਨਾਲ ਬਰਾਬਰ ਬੈਠ ਕੇ ਲੰਗਰ ਛਕਣਾ ਪਿਆ।

ਗੁਰੂ ਜੀ ਦਾ ਲੰਗਰ ਦਾ ਪ੍ਰਬੰਧ ਇੰਨਾ ਵਧੀਆ ਅਤੇ ਲੰਗਰ ਦੀ ਕੁਆਲਿਟੀ ਇੰਨੀ ਵਧੀਆ ਸੀ ਕਿ ਬਾਦਸ਼ਾਹ ਅਕਬਰ ਵੀ ਤਾਰੀਫ ਕੀਤੇ ਬਿਨਾਂ ਨਾ ਰਹਿ ਸਕਿਆ।

ਪ੍ਰਭਾਵਿਤ ਹੋ ਕੇ ਬਾਦਸ਼ਾਹ ਨੇ ਲੰਗਰ ਲਈ ਜਗੀਰ ਦੇਣੀ ਚਾਹੀ ਗੁਰੂ ਜੀ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਹ ਲੰਗਰ ਤਾਂ ਗੁਰਸਿੱਖਾਂ ਦੀ ਦਸਾਂ ਨਹੁੰਆਂ ਦੀ ਕਿਰਤ ਨਾਲ ਹੀ ਚਲਦਾ ਹੈ। ਫਿਰ ਅਕਬਰ ਨੇ ਬੀਬੀ ਭਾਨੀ ਜੀ ਨੂੰ ਆਪਣੀ ਪੁੱਤਰੀ ਸਮਾਨ ਜਾਣਦਿਆਂ ਵੱਡੀ ਜਗੀਰ ਬੀਬੀ ਭਾਨੀ ਜੀ ਦੇ ਨਾਂ ਲਗਾਈ। ਜਿੱਥੇ ਅੱਜਕੱਲ੍ਹ ਬੀੜ ਬਾਬਾ ਬੁੱਢਾ ਜੀ ਦਾ ਇਲਾਕਾ ਹੈ। ਉਹ ਜਗੀਰ ਬਾਦਸ਼ਾਹ ਨੇ ਬੀਬੀ ਭਾਨੀ ਜੀ ਦੇ ਨਾਂ ਲਗਵਾਈ ਸੀ। ਗੁਰੂ ਜੀ ਦੇ ਕਹਿਣ ਤੇ ਬਾਦਸ਼ਾਹ ਨੇ ਹਿੰਦੂ ਤੀਰਥਾਂ ਤੇ ਹਿੰਦੂਆਂ ਤੇ ਲਗਦਾ ਟੈਕਸ ਵੀ ਮੁਆਫ ਕਰਵਾਇਆ।

ਆਪ ਜੀ ਨੇ ਜਾਤ ਪਾਤ ਨੂੰ ਤੋੜਦਿਆਂ ਇਕ ਕੋਹੜੀ ਪ੍ਰੇਮਾ ਨੂੰ ਪਹਿਲਾਂ ਤਾਂ ਰੋਗੀ ਮੁਕਤ ਕੀਤਾ ਤੇ ਫਿਰ ਉਸ ਦੀ ਸ਼ਾਦੀ ਸ਼ੀਂਹੇ ਉੱਪਲ ਦੀ ਬੇਟੀ ਮਥੋ ਨਾਲ ਕੀਤੀ। ਸੱਚਨ ਸੱਚ ਦੀ ਸ਼ਾਦੀ ਵੀ ਜਾਤ ਪਾਤ ਦਾ ਖਿਆਲ ਕੀਤੇ ਬਿਨਾਂ ਕਰਵਾਈ। ਆਪਣੀ ਬੇਟੀ ਬੀਬੀ ਭਾਨੀ ਜੀ ਦੀ ਸ਼ਾਦੀ ਇੱਕ ਅਨਾਥ ਸਮਝੇ ਜਾਂਦੇ ਤੇ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਨ ਵਾਲੇ ਜੇਠਾ ਜੀ ਨਾਲ ਅਤੇ ਵੱਡੀ ਲੜਕੀਦੀ ਸ਼ਾਦੀ ਸਾਧਾਰਨ ਸਿੱਖ ਭਾਈ ਰਾਮਾ ਜੀ ਨਾਲ ਕੀਤੀ। ਗੁਰੂ ਜੀ ਦੇ ਸਮੇਂ ਸਿੱਖ ਧਰਮ ਬਹੁਤ ਫੈਲਿਆ ਤੇ ਹਰ ਜਾਤ ਪਾਤ ਤੇ ਧਰਮ ਦਾ ਵਿਅਕਤੀ ਸਿੱਖ ਧਰਮ ਗ੍ਰਹਿਣ ਕਰਨ ਲੱਗਾ। ਆਪ ਜੀ ਨੇ ਹੀ ਗੁਰੂ ਰਾਮ ਦਾਸ ਜੀ ਨੂੰ ਸਿੱਖੀ ਦਾ ਮਹਾਨ ਕੇਂਦਰ ਕਾਇਮ ਕਰਨ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਸਾਉਣ ਦੀ ਹਦਾਇਤ ਕੀਤੀ। ਗੁਰੂ ਜੀ ਨੇ ਆਪਣੇ ਦੋਵੇਂ ਪੁੱਤਰਾਂ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਨੂੰ ਸਿੱਖ ਧਰਮ ਦਾ ਮੁੱਖੀ ਬਣਨ ਦੇ ਅਯੋਗ ਸਮਝਿਆ ਤੇ ਭਾਈ ਜੇਠਾ ਜੀ ਨੂੰ ਰਾਮਦਾਸ ਨਾਂ ਦੇ ਕੇ ਉਨ੍ਹਾਂ ਨੂੰ ਚੌਥਾ ਗੁਰੂ ਥਾਪਿਆ। ਗੁਰੂ ਜੀ 1 ਸਤੰਬਰ 1574 ਈਸਵੀ ਨੂੰ ਗੁਰੂ ਰਾਮਦਾਸ ਜੀ ਨੂੰ ਗੁਰੂ ਥਾਪ ਕੇ ਜੋਤੀ ਜੋਤ ਸਮਾ ਗਏ।

Leave a Reply

error: Content is protected !!
Open chat