Spread the love

Advertisements

 ਗੁਰੂ ਹਰ ਰਾਇ ਸਾਹਿਬ ਮਹਾਰਾਜ ਦਾ ਜਨਮ 1630 ਈਸਵੀ ਨੂੰ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਹੋਇਆ। ਬਾਬਾ ਗੁਰਦਿੱਤਾ ਜੀ ਛੇਵੇਂ ਪਾਤਸ਼ਾਹ ਧੰਨ ਗੁਰੂ  ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਭ ਤੋਂ ਵੱਡੇ ਪੁੱਤਰ ਸਨ, ਇਸ ਹਿਸਾਬ ਨਾਲ ਗੁਰੂ ਹਰ ਰਾਇ ਸਾਹਿਬ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਰਿਸ਼ਤੇ ਵਿੱਚ ਪੋਤਰੇ ਲੱਗਦੇ ਸਨ। ਜਿਸ ਸਮੇਂ ਆਪ ਜੀ ਦਾ ਪ੍ਰਕਾਸ਼ ਹੋਇਆ,  ਉਸ ਸਮੇਂ ਛੇਵੇਂ ਪਾਤਸ਼ਾਹ ਸ੍ਰੀ ਗੁਰਤਾ ਗੱਦੀ ਤੇ ਬਿਰਾਜਮਾਨ ਸਨ I ਤਕਰੀਬਨ ਚੌਦਾਂ ਸਾਲ ਗੁਰੂ ਹਰਰਾਇ ਸਾਹਿਬ ਮਹਾਰਾਜ ਜੀ ਨੂੰ ਹਰ ਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਗੁਰਮਤਿ ਦੀ ਵਿੱਦਿਆ ਪੜ੍ਹਨ ਦਾ ਸਮਾਂ ਪ੍ਰਾਪਤ ਹੋਇਆ I  

        ਗੁਰੂ ਹਰਿਰਾਇ ਸਾਹਿਬ ਜੀ ਬਹੁਤ ਹੀ ਸ਼ਾਂਤਮਈ ਅਤੇ ਕੋਮਲ ਹਿਰਦੇ ਦੇ ਮਾਲਕ ਸਨ I ਆਪ ਜੀ ਦੇ ਹਿਰਦੇ ਦੀ ਕੋਮਲਤਾ ਦਾ ਪਤਾ ਆਪ ਜੀ ਦੇ ਬਚਪਨ ਦੇ ਸਮੇਂ ਵਾਪਰੀ ਹੋਈ ਇੱਕ ਘਟਨਾ ਤੋਂ ਲੱਗਦਾ ਹੈ I ਇਕ ਦਿਨ ਕੀਰਤਪੁਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਵੇਰੇ ਸਮੇਂ ਬਾਗ ਵਿਚ ਟਹਿਲਣ ਵਾਸਤੇ ਗਏ ਸਨ, ਥੋੜ੍ਹੀ ਦੇਰ ਬਾਅਦ ਉਨ੍ਹਾਂ ਦੇ ਪਿੱਛੇ ਪਿੱਛੇ ਗੁਰੂ ਹਰਿਰਾਇ ਸਾਹਿਬ ਜੀ ਵੀ ਆਪਣੇ ਦਾਦਾ ਜੀ ਨੂੰ ਮਿਲਣ ਵਾਸਤੇ ਪਹੁੰਚੇ I ਉਨ੍ਹਾਂ ਦੇ ਖੁੱਲ੍ਹੇ ਆਕਾਰ ਦਾ ਚੋਲਾ ਪਹਿਨਿਆ ਹੋਇਆ ਸੀ, ਤੁਰੇ ਜਾਂਦਿਆਂ ਚੋਲੇ ਨਾਲ ਅਟਕ ਜਾਣ ਕਰਕੇ ਕੁਝ ਫੁੱਲ ਟੁੱਟ ਕੇ ਜ਼ਮੀਨ ਉੱਪਰ ਡਿੱਗ ਗਏ I ਜਦੋਂ ਆਪ ਜੀ ਨੇ ਉਨ੍ਹਾਂ ਫੁੱਲਾਂ ਨੂੰ ਟੁੱਟਾ ਹੋਇਆ ਵੇਖਿਆ ਤਾਂ ਆਪ ਜੀ ਉੱਥੇ ਹੀ ਬੈਠ ਗਏ ਅਤੇ ਉਨ੍ਹਾਂ ਦੇ ਮਨ ਵਿੱਚ ਬਹੁਤ ਅਫ਼ਸੋਸ ਹੋ ਰਿਹਾ ਸੀ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕਹੇ, “ਬੇਟਾ ਜੇਕਰ ਚੋਲਾ ਖੁੱਲ੍ਹਾ ਪਹਿਨਿਆ ਹੋਵੇ ਤਾਂ ਚੋਲੇ ਨੂੰ ਸੰਕੋਚ ਕੇ ਚੱਲਣਾ ਚਾਹੀਦਾ ਹੈ।

        “ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਹੇ ਹੋਏ ਬਚਨਾਂ ਵਿਚ ਬੜੀ ਗਹਿਰਾਈ ਸੀI ਉਨ੍ਹਾਂ ਦੇ ਕਹਿਣ ਦਾ ਭਾਵ ਸੀ ਕਿ ਜੇਕਰ ਪ੍ਰਮਾਤਮਾ ਕਿਸੇ ਨੂੰ ਉੱਚੀ ਪਦਵੀ ਦੇ ਦੇਵੇ ਤਾਂ ਉਸ ਇਨਸਾਨ ਨੂੰ ਸਮਝਦਾਰੀ ਨਾਲ ਸੰਸਾਰ ਵਿੱਚ ਤੁਰਨਾ ਚਾਹੀਦਾ ਹੈ, ਕਿ ਕਿਤੇ ਮੇਰੇ ਕਾਰਨ ਕਿਸੇ ਹੋਰ ਦਾ ਨੁਕਸਾਨ ਨਾ ਹੋ ਜਾਵੇ I ਗੁਰੂ ਹਰ ਰਾਇ ਸਾਹਿਬ ਮਹਾਰਾਜ ਜੀ ਨੇ ਆਪਣੇ ਦਾਦਾ ਜੀ ਦੇ ਕਹੇ ਇਨ੍ਹਾਂ ਬਚਨਾਂ ਨੂੰ ਸਾਰੀ ਜ਼ਿੰਦਗੀ ਨਹੀਂ ਭੁਲਾਇਆ।

     ਆਪ ਜੀ ਦਾ ਵਿਆਹ 1640 ਈਸਵੀ ਨੂੰ ਮਾਤਾ ਕ੍ਰਿਸ਼ਨ ਕੌਰ (ਸੁਲੱਖਣੀ ਜੀ) ਨਾਲ ਹੋਇਆ ਆਪ ਜੀ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ ਵੱਡੇ ਪੁੱਤਰ ਬਾਬਾ ਰਾਮ ਰਾਏ ਜੀ ਸਨ ਅਤੇ ਛੋਟੇ ਪੁੱਤਰ ਦਾ ਨਾਮ ਗੁਰੂ ਹਰਕ੍ਰਿਸ਼ਨ ਸਾਹਿਬ ਸੀ।

      ਸੰਨ 1664 ਵਿਚ ਧੰਨ ਗੁਰੂ ਹਰ ਗੋਬਿੰਦ ਸਾਹਿਬ ਜਦੋਂ ਜੋਤੀ ਜੋਤ ਸਮਾਏ ਤਾਂ ਉਨ੍ਹਾਂ ਨੇ ਗੁਰਤਾਗੱਦੀ ਦੇ ਯੋਗ ਜਾਣ ਕੇ ਆਪਣੀ ਪੋਤਰੇ ਧੰਨ ਗੁਰੂ ਹਰ ਰਾਇ ਸਾਹਿਬ ਜੀ ਨੂੰ ਗੁਰੂਤਾ ਗੱਦੀ ਦੀ ਦਾਤ ਬਖ਼ਸ਼ੀਸ਼ ਕੀਤੀ। ਕਿਉਂ ਕੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਇਹ ਰੀਤ ਚਲੀ ਆ ਰਹੀ ਸੀ ਕਿ ਗੁਰੂ ਸਾਹਿਬ ਜੀ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ ਆਪਣੇ ਅਗਲੇ ਉਤਰਾਧਿਕਾਰੀ ਨੂੰ ਗੁਰੂਤਾ ਗੱਦੀ ਦੀ ਦਾਤ ਦੇ ਦਿੰਦੇ ਸਨ I ਇਹ ਗੱਲ ਨੋਟ ਕਰਨ ਵਾਲੀ ਹੈ ਕਿ ਇਹ ਦਾਤ ਕਿਸੇ ਰਿਸ਼ਤੇਦਾਰੀ ਦੇ ਕਾਰਨ ਨਹੀਂ ਸਗੋਂ ਕੇਵਲ ਯੋਗਤਾ ਦੇ ਆਧਾਰ ਤੇ ਹੀ ਦਿੱਤੀ ਜਾਂਦੀ ਸੀ I ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ ਸਨ  ਅਤੇ ਫ਼ੌਜਾਂ ਤਿਆਰ ਕਰਕੇ  ਮੁਗਲ ਸਲਤਨਤ ਦੇ ਨਾਲ ਚਾਰ ਜੰਗਾਂ ਲੜੀਆਂ ਸਨ I ਗੁਰੂ ਹਰ ਰਾਇ ਸਾਹਿਬ ਜੀ ਦੇ ਸਮੇਂ ਭਾਵੇਂ ਜੰਗਾਂ ਤਾਂ ਨਹੀਂ ਹੋਈਆਂ ਪਰ ਇਤਿਹਾਸ ਮੁਤਾਬਿਕ ਬਾਈ ਸੌ ਘੋੜ ਸਵਾਰ ਉਨ੍ਹਾਂ ਦੇ  ਨਾਲ ਹਮੇਸ਼ਾਂ  ਤਿਆਰ ਬਰ ਤਿਆਰ ਹੁੰਦੇ ਸਨ ਤਾਂ ਕਿ ਜੇ ਕਿਤੇ ਲੋੜ ਪੈ ਜਾਵੇ ਤਾਂ ਦੁਸ਼ਮਣ ਫ਼ੌਜਾਂ ਦੇ ਨਾਲ ਦੋ ਦੋ ਹੱਥ ਕੀਤੇ ਜਾ ਸਕਣ।

      ਗੁਰੂ ਘਰ ਦੀਆਂ ਮਹਾਨ ਵਡਿਆਈਆਂ ਦੇ ਵਿਚੋਂ ਇਕ ਵਡਿਆਈ ਇਹ ਵੀ ਹੈ ਕਿ ਇੱਥੇ ਜੇ ਕੋਈ ਆਤਮਿਕ ਤੌਰ ਤੇ ਭੁੱਖਾ ਹੋਵੇ ਤਾਂ  ਉਸ ਨੂੰ ਗੁਰਬਾਣੀ ਰੂਪੀ ਆਤਮਿਕ ਲੰਗਰ (ਕਥਾ ਅਤੇ ਕੀਰਤਨ ਰੂਪ ਵਿਚ) ਤਿਆਰ ਬਰ ਤਿਆਰ ਮਿਲਦਾ ਹੈ, ਤੇ ਜੇਕਰ ਕੋਈ ਸਰੀਰਕ ਤੌਰ ਤੇ ਭੁੱਖਾ ਹੋਵੇ ਤਾਂ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਤਿਆਰ ਬਰ ਤਿਆਰ ਮਿਲਦਾ ਹੈ। ਗੁਰੂ ਹਰ ਰਾਇ ਸਾਹਿਬ ਜੀ ਨੇ ਦੋਨੋਂ ਪ੍ਰਕਾਰ ਦੇ ਲੰਗਰ ਆਪਣੇ ਸਮੇਂ ਵਿੱਚ ਸਚਾਰੂ ਰੂਪ ਦੇ ਨਾਲ ਚੱਲਦੇ ਰੱਖੇ। ਇਸ ਤੋਂ ਇਲਾਵਾ ਗੁਰੂ ਹਰ ਰਾਇ ਸਾਹਿਬ ਜੀ ਦੇ ਸਮੇਂ ਗੁਰੂ ਘਰ ਦਾ  ਦਵਾਖਾਨਾ ਉਸ ਸਮੇਂ ਬਹੁਤ ਮਸ਼ਹੂਰ ਸੀ। ਜਦੋਂ ਔਰੰਗਜ਼ੇਬ ਨੇ ਆਪਣੇ ਸਕੇ ਭਰਾ ਦਾਰਾ ਸ਼ਿਕੋਹ ਨੂੰ ਆਪਣੇ ਰਾਹ ਤੋਂ ਹਟਾਉਣ ਵਾਸਤੇ ਸ਼ੇਰ ਦੀ ਮੁੱਛ ਦਾ ਵਾਲ ਭੋਜਨ ਵਿੱਚ ਪਾ ਕੇ ਖਵਾ ਦਿੱਤਾ ਸੀ  ਤਾਂ ਦਾਰਾ ਸ਼ਿਕੋਹ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀ ਸ਼ਾਹੀ ਵੈਦ ਨੇ ਕਿਹਾ ਕਿ ਇਸ ਨੂੰ ਬਚਾਉਣ ਲਈ ਅਸੀਂ ਦਵਾਈ ਬਣਾ ਸਕਦੇ ਹਾਂ ਪਰ ਦਵਾਈ ਲਈ ਵਿਸ਼ੇਸ਼ ਪ੍ਰਕਾਰ ਦੀਆਂ ਜੜੀਆਂ ਬੂਟੀਆਂ ਅਤੇ ਹਰੜਾਂ ਦੀ ਲੋੜ ਹੈ। ਸਾਰੇ ਦੇਸ਼ ਵਿਚ ਉਨ੍ਹਾਂ ਨੇ ਫਿਰ ਕੇ ਵੇਖ ਲਿਆ ਕਿਸੇ ਵੀ ਜਗ੍ਹਾ ਤੋਂ ਉਨ੍ਹਾਂ ਨੂੰ ਉਹ ਜੜੀ ਬੂਟੀਆਂ ਪ੍ਰਾਪਤ ਨਾ ਹੋਇਆ ਅਖੀਰ ਜਦੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਹਰ ਰਾਇ ਸਾਹਿਬ ਜੀ ਦੇ ਦਵਾਖਾਨੇ ਵਿਚ ਪਹੁੰਚੇ ਤਾਂ ਇੱਥੋਂ ਉਨ੍ਹਾਂ ਨੂੰ ਉਹੀ ਜੜੀ ਬੂਟੀਆਂ ਅਤੇ ਹਰੜਾਂ ਪ੍ਰਾਪਤ ਹੋਈਆਂ।

        ਦਾਰਾ ਸ਼ਿਕੋਹ ਠੀਕ ਹੋਣ ਤੋਂ ਬਾਅਦ ਸਤਿਗੁਰੂ ਜੀ ਦਾ ਧੰਨਵਾਦ ਕਰਨ ਕੀਰਤਪੁਰ ਸਾਹਿਬ ਵੀ ਆਇਆ ਸੀ I ਗੁਰੂ ਹਰ ਰਾਇ ਸਾਹਿਬ ਜੀ ਨੇ ਗੁਰਬਾਣੀ ਦਾ ਸਤਿਕਾਰ ਕਰਨ ਲਈ ਸੰਗਤ ਚੋਂ ਵਿਸ਼ੇਸ਼ ਪੂਰਨੇ ਪਾਏ, ਜਦੋਂ ਆਪ ਜੀ ਦੇ ਵੱਡੇ ਪੁੱਤਰ ਰਾਮ ਰਾਏ ਨੇ ਔਰੰਗਜ਼ੇਬ ਦੀ ਖੁਸ਼ੀ ਲੈਣ ਲਈ ਗੁਰਬਾਣੀ ਦੀ ਤੁਕ ਬਦਲੀ ਤਾਂ ਗੁਰੂ ਪਾਤਸ਼ਾਹ ਜੀ ਨੇ ਬਿਨਾਂ ਝਿਜਕ ਤੋਂ ਆਪਣੇ ਪੁੱਤਰ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਕਿ ਜਿਸ ਪਾਸੇ ਉਸ ਦਾ ਮੁੱਖ ਹੈ ਉਸੇ ਪਾਸੇ ਤੁਰ ਜਾਵੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਚੋਂ ਇੱਕ ਬਾਗ਼ ਬਣਵਾਇਆ ਜਿਸ ਦਾ ਬਹੁਤ ਵਿਕਾਸ ਗੁਰੂ ਹਰ ਰਾਇ ਸਾਹਿਬ ਸਮੇਂ ਹੋਇਆ I ਉਸ ਵਿੱਚ ਕਈ ਤਰ੍ਹਾਂ ਦੇ ਫਲ ਤੇ ਜੜੀ ਬੂਟੀਆਂ ਲਗਾਈਆਂ ਗਈਆਂ ਜੋ ਆਪ ਜੀ ਦੇ ਦਵਾਖਾਨੇ ਵਿਚ ਕੰਮ ਆਈਆਂ ਆਪ ਜੀ ਦੇ ਸਮੇਂ ਕੀਰਤਪੁਰ ਸਾਹਿਬ  ਦੀ ਆਬਾਦੀ ਇੰਨੀ ਵੱਧ ਗਈ ਕਿ ਕਹਾਣੀਆਂ ਬਣ ਗਈਆਂ ਵੱਖ ਵੱਖ ਥਾਵਾਂ ਤੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ 52 ਬਾਗ਼ ਲਗਵਾਏ। ਗੁਰੂ ਹਰ ਰਾਏ ਸਾਹਿਬ ਜੀ ਦੀ ਸਰਬਤ ਸੰਗਤ ਨੂੰ ਇੱਕ ਅਕਾਲ ਪੁਰਖ ਪ੍ਰਮਾਤਮਾ ਦੀ ਬੰਦਗੀ ਕਰਨ, ਗੁਰਬਾਣੀ ਦੇ ਮੁਤਾਬਿਕ ਜੀਵਨ ਬਣਾਉਣ ਅਤੇ ਧਰਮ ਦੀ ਦਸਾਂ ਨਹੁੰਆਂ ਦੀ ਕਿਰਤ ਕਰਨ ਲਈ ਪ੍ਰੇਰਨਾ ਕਰਦੇ ਸਨ।

     ਇੱਕ ਵਾਰ ਜਦੋਂ ਭਾਈ ਨੰਦ ਲਾਲ ਪੁਰੀ ਅਤੇ ਉਨ੍ਹਾਂ ਦੇ ਪੋਤਰੇ ਭਾਈ ਹਕੀਕਤ ਰਾਏ ਗੁਰੂ ਜੀ ਨੂੰ ਮਿਲਣ ਲਈ ਆਏ ਅਤੇ ਉਨ੍ਹਾਂ ਨੇ ਉਪਦੇਸ਼ ਮੰਗਿਆ ਤਾਂ ਗੁਰੂ ਜੀ ਨੇ ਉਪਦੇਸ਼ ਦਿੰਦਿਆਂ ਤਿੰਨ ਗੱਲਾਂ ਦੀ ਮਨਾਹੀ ਕੀਤੀ 1. ਟੋਪੀ ਪਹਿਨਣ ਤੋਂ ਮਨਾਈ 2. ਨਸ਼ੇ ਤੋਂ ਮਨਾਹੀ 3. ਕੇਸ ਕਤਲ ਕਰਾਉਣ ਦੀ ਮਨਾਹੀ I ਜਿਸ ਨੂੰ ਉਨ੍ਹਾਂ ਨੇ ਸਾਰੀ ਜ਼ਿੰਦਗੀ ਵਾਸਤੇ ਪੱਲੇ ਬੰਨ੍ਹ ਲਿਆ। 

     1661 ਈਸਵੀ ਨੂੰ ਆਪ ਜੀ ਜੋਤੀ ਜੋਤ ਸਮਾਏ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪ ਜੀ ਨੇ ਆਪਣੇ ਛੋਟੇ ਪੁੱਤਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾਗੱਦੀ ਦੇ ਦਾਤ ਬਖ਼ਸ਼ਿਸ਼ ਕੀਤੀ।


Spread the love

Leave a Reply